Sunday, May 3, 2009

ਜਸ਼ਨ


ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ।

ਦੀਨ ਦੁਨੀਆ ਤੋਂ ਬੇਖ਼ਬਰ ਇਲੈਕਟ੍ਰਾਨਿਕ ਮੀਡੀਆ ਦੋ ਦਿਨਾਂ ਤੋਂ ਲਗਾਤਾਰ ਇਸ ਘਟਨਾ ਦਾ ਸਿੱਧਾ ਪ੍ਰਸਾਰਨ ਕਰ ਰਿਹਾ ਸੀ। ਮੁੱਖ ਮੰਤਰੀ ਦੇ ਤੁਰ ਜਾਣ ਨਾਲ ਸਾਰਾ ਮਜਮਾ ਖਿੰਡਣ ਲੱਗਾ। ਕੁਝ ਹੀ ਦੇਰ ਵਿਚ ਜਸ਼ਨ ਵਾਲਾ ਮਾਹੌਲ ਮਾਤਮੀ ਜਿਹਾ ਹੋ ਗਿਆ। ਟੀ.ਵੀ. ਪੱਤਰਕਾਰਾਂ ਦੇ ਜੋਸ਼ੀਲੇ ਚਿਹਰੇ ਹੁਣ ਮੁਰਝਾਏ ਜਿਹੇ ਲੱਗ ਰਹੇ ਸਨ। ਆਪਣਾ ਸਾਜੋਸਮਾਨ ਸਮੇਟ ਕੇ ਤੁਰਨ ਦੀ ਤਿਆਰੀ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਕੋਲ ਨਾਲ ਦੇ ਪਿੰਡ ਦਾ ਇਕ ਨੌਜਵਾਨ ਆਇਆ ਤੇ ਬੋਲਿਆ, ਸਾਡੇ ਪਿੰਡ ’ਚ ਵੀ ਅਜਿਹਾ ਹੀ …

ਨੌਜਵਾਨ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੱਤਰਕਾਰ ਦੇ ਮੁਰਝਾਏ ਚਿਹਰੇ ਉੱਤੇ ਚਮਕ ਆ ਗਈ, ਕੀ ਤੁਹਾਡੇ ਪਿੰਡ ’ਚ ਵੀ ਬੱਚਾ ਟੋਏ ’ਚ ਡਿੱਗ ਪਿਆ ?

ਨਹੀਂ।

ਨੌਜਵਾਨ ਦੇ ਉੱਤਰ ਨਾਲ ਪੱਤਰਕਾਰ ਦਾ ਚਿਹਰਾ ਫਿਰ ਬੁਝ ਗਿਆ, ਤਾਂ ਫਿਰ ਕੀ ?

ਸਾਡੇ ਪਿੰਡ ’ਚ ਵੀ ਅਜਿਹਾ ਹੀ ਇਕ ਟੋਆ ਨੰਗਾ ਪਿਐ।ਨੌਜਵਾਨ ਨੇ ਦੱਸਿਆ।

ਤਾਂ ਫਿਰ ਮੈਂ ਕੀ ਕਰਾਂ ?ਪੱਤਰਕਾਰ ਖਿੱਝ ਕੇ ਬੋਲਿਆ।

ਤੁਸੀਂ ਮਹਿਕਮੇ ’ਤੇ ਜ਼ੋਰ ਦਿਉਂਗੇ ਤਾਂ ਉਹ ਟੋਆ ਬੰਦ ਕਰ ਦੇਣਗੇ। ਨਹੀਂ ਤਾਂ ਉਸ ’ਚ ਕਦੇ ਵੀ ਕੋਈ ਬੱਚਾ ਡਿੱਗ ਸਕਦੈ ।

ਪੱਤਰਕਾਰ ਦੇ ਚਿਹਰੇ ਉੱਤੇ ਫਿਰ ਥੋੜੀ ਰੌਣਕ ਆ ਗਈ। ਉਸਨੇ ਆਪਣਾ ਕਾਰਡ ਨੌਜਵਾਨ ਨੂੰ ਫੜਾਉਂਦੇ ਹੋਏ ਹੋਲੇ ਜਿਹੇ ਕਿਹਾ, ਨਿਗ੍ਹਾ ਰੱਖੀਂ, ਜਿਵੇਂ ਹੀ ਕੋਈ ਬੱਚਾ ਉਸ ਟੋਏ ’ਚ ਡਿੱਗੇ, ਮੈਨੂੰ ਇਸ ਨੰਬਰ ’ਤੇ ਫੋਨ ਕਰਦੀਂ। ਮੈਂ ਤੈਨੂੰ ਇਨਾਮ ਦਿਵਾ ਦਿਆਂਗਾ।

-0-

1 comment:

Unknown said...

ਰਚਨਾ ਵਧੀਆ ਲੱਗੀ, ਵਧਾਈਆਂ।