Saturday, May 16, 2009

ਕੁੰਡਲੀ



ਵੱਡੇ ਭਰਾ ਲਈ ਜਦੋਂ ਵੀ ਕੋਈ ਯੋਗ ਰਿਸ਼ਤਾ ਆਉਂਦਾ, ਕੁੜੀ ਦੀ ਜਨਮ-ਕੁੰਡਲੀ ਲੈ, ਮਾਂ ਪੰਡਤ ਰਾਮਕ੍ਰਿਸ਼ਣ ਸ਼ਾਸਤਰੀ ਕੋਲ ਜਾਂਦੀ। ਸ਼ਾਸਤਰੀ ਜੀ ਕੁੜੀ ਦੀ ਕੁੰਡਲੀ ਨਾਲ ਭਰਾ ਦੀ ਕੁੰਡਲੀ ਮਿਲਾਉਂਦੇ ਤੇ ‘ਨਾਂਹ’ ਵਿਚ ਸਿਰ ਹਿਲਾ ਦਿੰਦੇ। ਕਦੇ ਅੱਠ ਗੁਣ ਮਿਲਦੇ ਤੇ ਕਦੇ ਦਸ। ਮਾਂ ਪੱਚੀ ਕੁ ਗੁਣਾਂ ਦੇ ਮਿਲੇ ਬਿਨਾ ਆਪਣੇ ਸਪੁੱਤਰ ਦੇ ਰਿਸ਼ਤੇ ਲਈ ਤਿਆਰ ਨਹੀਂ ਸੀ। ਪੰਦਰਾਂ ਕੁ ਯੋਗ ਕੁੜੀਆਂ ਦੇ ਰਿਸ਼ਤੇ ਮਾਂ ਦੀ ਇਸ ਪਰਖ ਕਸੌਟੀ ਦੀ ਬਲੀ ਚੜ੍ਹ ਚੁੱਕੇ ਸਨ।
ਸ਼ਾਸਤਰੀ ਜੀ ਇਲਾਕੇ ਦੇ ਮੰਨੇ-ਪ੍ਰਮੰਨੇ ਜੋਤਸ਼ੀ ਸਨ । ਉਹਨਾਂ ਕੋਲ ਸਦਾ ਭੀੜ ਲੱਗੀ ਰਹਿੰਦੀ ਸੀ। ਮਿਲਣ ਲਈ ਸਮਾਂ ਲੈਣਾ ਪੈਂਦਾ ਸੀ। ਮਾਂ ਕਹਿੰਦੀ, ‘ ਸ਼ਾਸਤਰੀ ਜੀ ਤੋਂ ਵੱਡਾ ਕੋਈ ਵਿਦਵਾਨ ਜੋਤਸ਼ੀ ਨਹੀਂ। ਭਵਿੱਖ ਬਾਰੇ ਕਹੀ ਉਨ੍ਹਾਂ ਦੀ ਇਕ ਇਕ ਗੱਲ ਸਹੀ ਸਾਬਤ ਹੁੰਦੀ ਹੈ। ਜਦੋਂ ਤਕ ਉਹ ‘ਹਾਂ’ ਨਹੀਂ ਕਰ ਦਿੰਦੇ ਮੈਂ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਕਰਾਂਗੀ। ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਦਾਅ ’ਤੇ ਨਹੀਂ ਲਾ ਸਕਦੀ।’
ਤਿੰਨ-ਚਾਰ ਦਿਨ ਪਹਿਲਾਂ ਹੀ ਇਕ ਹੋਰ ਰਿਸ਼ਤਾ ਆਇਆ ਸੀ। ਉਸ ਕੁੜੀ ਦੀ ਕੁੰਡਲੀ ਮਿਲਾਉਣ ਲਈ ਮਾਂ ਨੇ ਅੱਜ ਫਿਰ ਸ਼ਾਸਤਰੀ ਜੀ ਕੋਲ ਜਾਣਾ ਸੀ। ਕੁੜੀ ਭਰਾ ਦੇ ਬਰਾਬਰ ਹੀ ਪੜ੍ਹੀ-ਲਿਖੀ ਸੀ। ਸਿਹਤ ਪੱਖੋਂ ਠੀਕ ਸੀ ਤੇ ਸਾਡੀ ਜਾਣੀ-ਪਛਾਣੀ ਵੀ ਸੀ। ਉਹ ਇਕ ਨਾਮੀ ਕੰਪਨੀ ਵਿਚ ਪੰਜਾਹ ਕੁ ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੀ ਸੀ।
ਮੈਂ ਪਹਿਲਾਂ ਵਾਂਗ ਮਾਂ ਨੂੰ ਅੱਜ ਫਿਰ ਕਿਹਾ, “ ਮਾਂ, ਤੂੰ ਪੰਡਤਾਂ ਦੇ ਚੱਕਰਾਂ ਵਿਚ ਪੈ ਕੇ ਇਹ ਚੰਗਾ ਰਿਸ਼ਤਾ ਹੱਥੋਂ ਨਾ ਗੁਆ।”
ਪਰ ਮਾਂ ਉੱਤੇ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹ ਬੋਲੀ, “ ਮੈਂ ਤੈਨੂੰ ਜਨਮ ਦਿੱਤਾ ਹੈ। ਤੂੰ ਮੈਨੂੰ ਪਾਠ ਨਾ ਪੜ੍ਹਾ। ਛੇਤੀ ਚੱਲ, ਸ਼ਾਸਤਰੀ ਜੀ ਨੇ ਸੁਬ੍ਹਾ ਨੌਂ ਵਜੇ ਦਾ ਸਮਾਂ ਦਿੱਤਾ ਹੈ ।”
ਮਨ ਮਾਰ ਕੇ ਮੈਂ ਸਕੂਟਰ ਬਾਹਰ ਕੱਢਿਆ। ਸ਼ਹਿਰ ਦੇ ਦੂਜੇ ਸਿਰੇ ’ਤੇ ਸਥਿਤ ਸ਼ਾਸਤਰੀ ਜੀ ਦੇ ਘਰ ਪਹੁੰਚੇ ਤਾਂ ਉੱਥੇ ਕੁਹਰਾਮ ਮੱਚਿਆ ਹੋਇਆ ਸੀ। ਪੁੱਛਣ ਤੇ ਪਤਾ ਲੱਗਾ ਕਿ ਛੇ ਕੁ ਮਹੀਨੇ ਪਹਿਲਾਂ ਵਿਆਹੀ ਸ਼ਾਸਤਰੀ ਜੀ ਦੀ ਧੀ ਦਾ ਪਤੀ ਸਵੇਰੇ ਇਕ ਦੁਰਘਟਨਾ ਵਿਚ ਮਰ ਗਿਆ ਸੀ।
-0-

No comments: