Saturday, May 16, 2009

ਚਮਤਕਾਰ



ਬੱਚੇ ਦੀ ਬੀਮਾਰੀ ਕਾਰਨ ਗਰੀਬੂ ਦੋ ਦਿਨਾਂ ਤੋਂ ਦਿਹਾੜੀ ਕਰਨ ਨਹੀਂ ਸੀ ਜਾ ਸਕਿਆ। ਅੱਜ ਬੱਚਾ ਕੁੱਝ ਠੀਕ ਹੋਇਆ ਤਾਂ ਘਰ ਵਿਚ ਰਾਸ਼ਨ ਪਾਣੀ ਮੁਕ ਗਿਆ ਸੀ। ਬੱਚੇ ਨੂੰ ਪਿਆਉਣ ਲਈ ਘਰ ਵਿਚ ਇਕ ਤੁਪਕਾ ਦੁੱਧ ਵੀ ਨਹੀਂ ਸੀ।
“ ਜਾਓ, ਹੱਟੀ ਆਲੇ ਨੂੰ ਆਖੋ ਜੁਆਕ ਬਮਾਰ ਐ, ਪਾਈਆ ਦੁੱਧ ਹੁਦਾਰ ਦੇ ਦਵੇ। ਭਲਕ ਨੂੰ ਦੇਦਾਂਗੇ ਉਹਦੇ ਸਾਰੇ ਪੈਸੇ।” ਪਤਨੀ ਨੇ ਕਿਹਾ ਤਾਂ ਗਰੀਬੂ ਗੜਵੀ ਲੈ ਕੇ ਤੁਰ ਪਿਆ।
ਉਹਨੇ ਦੁਕਾਨਦਾਰ ਕੋਲ ਬੱਚੇ ਦੀ ਬਿਮਾਰੀ ਦਾ ਵਾਸਤਾ ਦੇ ਦੁੱਧ ਲਈ ਬੇਨਤੀ ਕੀਤੀ ਤਾਂ ਉਹ ਬੋਲਿਆ, “ ਉਧਾਰ-ਨਗਦ ਤਾਂ ਬਾਦ ਦੀ ਗੱਲ ਐ, ਮੇਰੇ ਕੋਲ ਤਾਂ ਚਾਹ ਪੀਣ ਜੋਗਾ ਦੁੱਧ ਵੀ ਹੈ ਨੀ। ਸਾਰਾ ਦੁੱਧ ਲੋਕ ਲੈਗੇ, ਭਗਵਾਨ ਦੀ ਮੂਰਤੀ ਨੂੰ ਪਿਆਉਣ ਲਈ। ਅੱਜ ਤਾਂ ਚਮਤਕਾਰ ਹੋ ਗਿਆ, ਮੂਰਤੀ ਦੁੱਧ ਪੀ ਰਹੀ ਐ।”
“ ਪੱਥਰ ਦੀ ਮੂਰਤੀ ਦੁੱਧ ਪੀ ਰਹੀ ਐ ?” ਗਰੀਬੂ ਹੈਰਾਨ ਸੀ। ਉਹਨੇ ਸੋਚਿਆ− ‘ ਭਗਵਾਨ ਕਿੰਨਾ ਕੁ ਦੁੱਧ ਪੀਊ ? ਐਡਾ ਕਿੱਡਾ ਕੁ ਢਿੱਡ ਐ ? ਮੰਦਰ ਚਲਦੈਂ, ਸ਼ੈਂਤ ਉੱਥੇ ਈ ਮੈਨੂੰ ਮੁੰਡੇ ਜੋਗਾ ਦੁੱਧ ਮਿਲ ਜੇ।’
ਤੇ ਉਹ ਮੰਦਰ ਵੱਲ ਨੂੰ ਹੋ ਲਿਆ।
ਮੰਦਰ ਵਿਚ ਭੀੜ ਲੱਗੀ ਸੀ। ਲੋਕ ਕੋਲੀਆਂ, ਗਲਾਸਾਂ ਤੇ ਗੜਵੀਆਂ ਵਿਚ ਦੁੱਧ ਲਈ ਕਤਾਰ ਵਿਚ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਕ ਮੋਟੇ ਲਾਲੇ ਕੋਲ ਵੱਡੀ ਸਾਰੀ ਗੜਵੀ ਵੇਖ ਗਰੀਬੂ ਨੇ ਉਸ ਕੋਲ ਜਾ ਬੇਨਤੀ ਕੀਤੀ, “ ਜੁਆਕ ਬਮਾਰ ਐ, ਭੋਰਾ ਦੁੱਧ ਦੇ ਦਿਉਂਗੇ ਤਾਂ ਥੋਡਾ ਭਲਾ ਹੋਊ।… ਮੂਰਤੀ ਨੂੰ ਭੋਰਾ ਘੱਟ ਪਿਆ ਦਿਓ…।”
ਲਾਲੇ ਨੇ ਉਹਨੂੰ ਘੂਰ ਕੇ ਵੇਖਿਆ ਤੇ ਕਿਹਾ, “ ਮੈਂ ਭਗਵਾਨ ਨਮਿੱਤ ਲਿਆਂਦੈ ਸਾਰਾ ਦੁੱਧ। ਤੈਨੂੰ ਦੇਕੇ ਪਾਪ ਦਾ ਭਾਗੀ ਨਹੀਂ ਬਣਨਾ।”
ਕਿਸੇ ਨੂੰ ਗਰੀਬ ਉੱਤੇ ਤਰਸ ਨਹੀਂ ਆਇਆ । ਅੰਤ ਉਹ ਕਿਤੇ ਹੋਰ ਕੋਸ਼ਿਸ਼ ਕਰਨ ਲਈ ਮੰਦਰ ਵਿੱਚੋਂ ਬਾਹਰ ਆ ਗਿਆ। ਮੰਦਰ ਦੇ ਪਿਛਵਾੜੇ ਵਾਲੀ ਭੀੜੀ ਜਿਹੀ ਸੁੰਨੀ ਗਲੀ ਵਿੱਚੋਂ ਲੰਘਦਿਆਂ ਉਹਨੇ ਇਕ ਹੋਰ ਚਮਤਕਾਰ ਵੇਖਿਆ− ਮੰਦਰ ਪਿਛਲੀ ਨਾਲੀ ਜੋ ਸਦਾ ਗੰਦੇ ਪਾਣੀ ਨਾਲ ਭਰੀ ਰਹਿੰਦੀ ਸੀ, ਅੱਜ ਦੁੱਧ ਨਾਲ ਸਫ਼ੈਦ ਹੋਈ ਪਈ ਸੀ।
-0-

No comments: