Friday, May 22, 2009

ਬਜ਼ੁਰਗ ਰਿਕਸ਼ੇਵਾਲਾ




ਗਲੀ ਦੇ ਮੋੜ ਉੱਤੇ ਪਹੁੰਚਿਆ ਤਾਂ ਅੱਜ ਫੇਰ ਉਹੀ ਬਜ਼ੁਰਗ ਰਿਕਸ਼ੇਵਾਲਾ ਖੜਾ ਸੀ। ਤਿੰਨ ਦਿਨਾਂ ਤੋਂ ਉਹੀ ਖੜਾ ਮਿਲਦਾ ਹੈ, ਸਵੇਰੇ ਸਵੇਰੇ। ਜੀ ਕੀਤਾ ਕਿ ਇਹਦੇ ਰਿਕਸ਼ੇ ਵਿਚ ਬੈਠਣ ਨਾਲੋਂ ਤਾਂ ਪੈਦਲ ਹੀ ਤੁਰ ਪਵਾਂ, ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਘੜੀ ਵੇਖੀ ਤਾਂ ਏਨਾ ਕੁ ਸਮਾਂ ਹੀ ਬਚਦਾ ਸੀ। ਕਿਤੇ ਬੱਸ ਹੀ ਨਾ ਨਿਕਲ ਜਾਵੇ, ਸੋਚ ਕੇ ਮਨ ਕਰੜਾ ਕੀਤਾ ਤੇ ਰਿਕਸ਼ੇ ਵਿਚ ਬੈਠ ਗਿਆ।
ਪੱਕਾ ਮਨ ਬਣਾ ਲਿਆ ਸੀ ਕਿ ਅੱਜ ਰਿਕਸ਼ੇਵਾਲੇ ਵੱਲ ਬਿਲਕੁਲ ਨਹੀਂ ਵੇਖਣਾ। ਆਸੇ ਪਾਸੇ ਵੇਖਦਾ ਰਹਾਂਗਾ। ਪਿਛਲੇ ਤਿੰਨ ਦਿਨਾਂ ਤੋਂ ਇਸੇ ਰਿਕਸ਼ੇ ਉੱਤੇ ਜਾ ਰਿਹਾ ਹਾਂ। ਜਦ ਵੀ ਰਿਕਸ਼ੇਵਾਲੇ ਉੱਤੇ ਨਿਗ੍ਹਾ ਟਿਕ ਜਾਂਦੀ, ਮੈਂ ਉੱਥੇ ਹੀ ਉੱਤਰਨ ਲਈ ਮਜਬੂਰ ਹੋ ਜਾਂਦਾ। ਬਾਕੀ ਦਾ ਰਸਤਾ ਪੈਦਲ ਤੈਅ ਕੀਤਾ, ਹਰ ਰੋਜ਼।
ਪੈਡਲਾਂ ਉੱਤੇ ਜ਼ੋਰ ਪੈਣ ਦੀ ਆਵਾਜ਼ ਸੁਣਾਈ ਦਿੱਤੀ ਤੇ ਰਿਕਸ਼ਾ ਤੁਰ ਪਿਆ। ਮੈਂ ਇੱਧਰ-ਉੱਧਰ ਵੇਖਣ ਲੱਗਾ। ‘ਗਰੀਨ ਮੋਟਰਜ’ ਦਾ ਬੋਰਡ ਦਿਸਿਆ ਤਾਂ ਯਾਦ ਆਇਆ ਕਿ ਪਹਿਲੇ ਦਿਨ ਤਾਂ ਇੱਥੇ ਹੀ ਉੱਤਰ ਗਿਆ ਸੀ। ਬਹਾਨਾ ਬਣਾਇਆ ਸੀ ਕਿ ਦੋਸਤ ਨੇ ਜਾਣਾ ਹੈ, ਉਸ ਨਾਲ ਚਲਾ ਜਾਵਾਂਗਾ। ਅਗਲੇ ਦਿਨ ਮਨ ਨੂੰ ਬਹੁਤ ਸਮਝਾਇਆ ਸੀ, ਪਰ ਫੇਰ ਵੀ ਦੋ ਗਲੀਆਂ ਅੱਗੇ ਤੱਕ ਹੀ ਜਾ ਸਕਿਆ ਸੀ।
‘ਕੜ ਕੜ’ ਦੀ ਆਵਾਜ਼ ਨੇ ਮੇਰੀ ਬਿਰਤੀ ਨੂੰ ਭੰਗ ਕੀਤਾ। ਰਿਕਸ਼ੇ ਦੀ ਚੇਨ ਉਤਰ ਗਈ ਸੀ। ਮੇਰੀ ਨਿਗ੍ਹਾ ਰਿਕਸ਼ੇ ਵਾਲੇ ਵੱਲ ਚਲੀ ਗਈ। ਉਹਦੇ ਇਕ ਪੈਰ ਵਿਚ ਪੱਟੀ ਬੰਨ੍ਹੀ ਹੋਈ ਸੀ ਤੇ ਪੈਰ ਵਿਚ ਜੁੱਤੀ ਵੀ ਨਹੀਂ ਸੀ। ਮੈਨੂੰ ਯਾਦ ਆਇਆ, ਜਦੋਂ ਬਾਪੂ ਦੇ ਪੈਰ ਵਿਚ ਮੇਖ ਵੱਜ ਗਈ ਸੀ ਤਾਂ ਉਹ ਵੀ ਠੰਡ ਵਿਚ ਬਿਨਾਂ ਜੁੱਤੀ ਦੇ ਫਿਰਦਾ ਰਿਹਾ ਸੀ। ਚੇਨ ਠੀਕ ਕਰ ਬਜ਼ੁਰਗ ਨੇ ਪਜਾਮਾ ਉਤਾਂਹ ਚੜ੍ਹਾਇਆ ਤਾਂ ਨਿਗ੍ਹਾ ਉੱਪਰ ਤੱਕ ਚਲੀ ਗਈ। ਬਾਪੂ ਵੀ ਇਸ ਤਰ੍ਹਾਂ ਹੀ ਪਜਾਮਾ ਉਤਾਂਹ ਚੜ੍ਹਾ ਲੈਂਦਾ ਸੀ। ਮੈਨੂੰ ਲੱਗਾ ਜਿਵੇਂ ਰਿਕਸ਼ੇਵਾਲਾ ਕੁਝ ਕਹਿ ਰਿਹਾ ਹੈ। ਮੇਰਾ ਧਿਆਨ ਬਦੋਬਦੀ ਉਹਦੇ ਮੂੰਹ ਵੱਲ ਚਲਾ ਗਿਆ। ਉਹਦੀ ਢਿੱਲੀ ਜਿਹੀ ਪੱਗ ਤੇ ਬੋਲਦੇ ਸਮੇਂ ਸਿਰ ਹਿਲਾਉਣ ਦੇ ਢੰਗ ਨੇ ਮੈਨੂੰ ਅੰਦਰ ਤੀਕ ਹਿਲਾ ਦਿੱਤਾ। ਚਾਹੁੰਦੇ ਹੋਏ ਵੀ ਮੈਂ ਉਸ ਤੋਂ ਨਿਗ੍ਹਾ ਨਹੀਂ ਹਟਾ ਸਕਿਆ। ਅਬੜਵਾਹ ਮੇਰੇ ਮੂੰਹੋਂ ਨਿਕਲ ਗਿਆ, “ਬਾਪੂ, ਰਿਕਸ਼ਾ ਰੋਕ!”
ਰਿਕਸ਼ੇ ਵਾਲਾ ਬੋਲਿਆ, “ਕੀ ਗੱਲ ਹੋਗੀ ਜੀ?”
“ਕੁਝ ਨਹੀਂ, ਇਕ ਜ਼ਰੂਰੀ ਕੰਮ ਯਾਦ ਆ ਗਿਆ।” ਮੈਂ ਰਿਕਸ਼ੇ ਵਿੱਚੋਂ ਉਤਰ ਕੇ ਉਸਨੂੰ ਪੰਜ ਰੁਪਏ ਦਾ ਨੋਟ ਫੜਾਉਂਦੇ ਹੋਏ ਕਿਹਾ।
-0-

No comments: