Thursday, May 14, 2009
ਸਾਂਝਾ ਦਰਦ
ਬਿਰਧ ਆਸ਼ਰਮ ਵਿਚ ਗਏ ਪੱਤਰਕਾਰ ਨੇ ਉੱਥੇ ਬਰਾਂਡੇ ਵਿਚ ਬੈਠੀ ਇਕ ਬਜ਼ੁਰਗ ਔਰਤ ਨੂੰ ਪੁੱਛਿਆ, “ ਮਾਂ ਜੀ, ਤੁਹਾਡੇ ਕਿੰਨੇ ਪੁੱਤਰ ਹਨ?”
ਉਹ ਬੋਲੀ, “ ਨਾ ਪੁੱਤ, ਨਾ ਧੀ। ਮੇਰੇ ਤਾਂ ਕੋਈ ਔਲਾਦ ਨਹੀਂ।”
ਪੱਤਰਕਾਰ ਬੋਲਿਆ, “ ਤੁਹਾਨੂੰ ਗਮ ਤਾਂ ਹੋਵੇਗਾ ਪੁੱਤਰ ਨਾ ਹੋਣ ਦਾ। ਪੁੱਤਰ ਹੁੰਦਾ ਤਾਂ ਅੱਜ ਤੁਸੀਂ ਇਸ ਬਿਰਧ ਆਸ਼ਰਮ ’ਚ ਨਾ ਹੋ ਕੇ ਆਪਣੇ ਘਰ ਹੁੰਦੇ।”
ਬਜ਼ੁਰਗ ਔਰਤ ਨੇ ਥੋੜੀ ਦੂਰ ਬੈਠੀ ਇਕ ਦੂਜੀ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ ਉਹ ਬੈਠੀ ਮੇਰੇ ਨਾਲੋਂ ਵੀ ਦੁਖੀ, ਉਹਦੇ ਤਿੰਨ ਪੁੱਤ ਨੇ। ਉਹਨੂੰ ਪੁੱਛ ਲੈ ।”
ਪੱਤਰਕਾਰ ਉਸ ਬੁੱਢੀ ਵੱਲ ਜਾਣ ਲੱਗਾ ਤਾਂ ਨੇੜੇ ਹੀ ਬੈਠਾ ਇਕ ਬਜ਼ੁਰਗ ਬੋਲ ਪਿਆ, “ ਪੁੱਤਰ, ਇਸ ਆਸ਼ਰਮ ’ਚ ਅਸੀਂ ਜਿੰਨੇ ਵੀ ਲੋਕ ਆਂ, ਉਨ੍ਹਾਂ ’ਚੋਂ ਇਸ ਭੈਣ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਦੋ ਤੋਂ ਪੰਜ ਤਕ ਪੁੱਤਰ ਹਨ। ਪਰ ਸਾਡੇ ਸਾਰਿਆਂ ’ਚ ਇਕ ਗੱਲ ਸਾਂਝੀ ਐ…”
“ ਉਹ ਕੀ ?” ਪੱਤਰਕਾਰ ਨੇ ਉਤਸੁਕਤਾ ਨਾਲ ਪੁੱਛਿਆ।
“ ਸਾਡੇ ਸਾਰਿਆਂ ’ਚੋਂ ਕਿਸੇ ਦੇ ਵੀ ਧੀ ਨਹੀਂ ਹੈ।” ਬਜ਼ੁਰਗ ਦਰਦ ਭਰੀ ਅਵਾਜ਼ ਵਿਚ ਬੋਲਿਆ, “ ਜੇ ਧੀ ਹੁੰਦੀ ਤਾਂ ਸ਼ਾਇਦ ਅੱਜ ਅਸੀਂ ਇਸ ਆਸ਼ਰਮ ’ਚ ਨਾ ਹੁੰਦੇ।”
-0-
Subscribe to:
Post Comments (Atom)
No comments:
Post a Comment