Tuesday, July 21, 2009

ਜੋਧਾ



ਜਿਸ ਦਾ ਡਰ ਸੀ, ਉਹੀ ਹੋਇਆ। ਕਾਲੇ ਕੋਟ ਵਾਲਾ ਟਿਕਟਚੈੱਕਰ ਜਮਦੂਤ ਦੀ ਤਰ੍ਹਾਂ ਸਾਹਮਣੇ ਖੜਾ ਸੀ। ਮੇਰਾ ਟਿਕਟ ਵੇਖਦਿਆਂ ਹੀ ਉਹ ਬੋਲਿਆ, “ਇਹ ਤਾਂ ਆਰਡਨਰੀ ਕਲਾਸ ਦਾ ਹੈ। ਸਲੀਪਰ ਕਲਾਸ ’ਚ ਕਿਉਂ ਬੈਠੇ ਹੋ?”
“ਆਰਡਨਰੀ ਕਲਾਸ ਦੇ ਤਾਂ ਦੋ ਹੀ ਡੱਬੇ ਹਨ। ਦੋਨੋਂ ਨੱਕੋ-ਨੱਕ ਭਰੇ ਹਨ। ਉੱਥੇ ਤਾਂ ਖੜੇ ਹੋਣ ਨੂੰ ਵੀ ਜਗ੍ਹਾ ਨਹੀਂ। ਸਲੀਪਰ ਕਲਾਸ ’ਚ ਜਗ੍ਹਾ ਸੀ। ਉਂਜ ਵੀ ਦਿੱਲੀ ਤੋਂ ਅੱਗੇ ਇਸ ’ਚ ਰਿਜਰਵੇਸ਼ਨ ਨਹੀਂ ਹੁੰਦੀ।” ਮੈਂ ਸਪਸ਼ਟੀਕਰਨ ਦਿੱਤਾ।
“ਇਹ ਕੋਈ ਬਹਾਨਾ ਨਹੀਂ। ਸਲੀਪਰ ਕਲਾਸ ਦਾ ਕਿਰਾਇਆ ਤੇ ਜੁਰਮਾਨਾ ਮਿਲਾ ਕੇ ਇਕ ਸੌ ਦਸ ਰੁਪਏ ਹੋਏ, ਛੇਤੀ ਕੱਢੋ।” ਟਿਕਟ ਚੈੱਕਰ ਕਾਹਲਾ ਪੈ ਰਿਹਾ ਸੀ।
“ਸਾਰਿਆਂ ਕੋਲ ਹੀ ਆਰਡਨਰੀ ਕਲਾਸ ਦਾ ਟਿਕਟ ਹੈ…”
“ਤੁਸੀਂ ਆਪਣੀ ਗੱਲ ਕਰੋ।” ਚੈੱਕਰ ਕੁਝ ਸੁਣਨ ਨੂੰ ਤਿਆਰ ਨਹੀਂ ਸੀ। ਮਜਬੂਰੀਵਸ ਮੈਂ ਜੇਬਾਂ ਫਰੋਲਣ ਲੱਗਾ। ਪੈਸੇ ਮਿਲਣ ਵਿਚ ਦੇਰੀ ਹੁੰਦੀ ਵੇਖ ਉਹ ਸਾਹਮਣੇ ਬੈਠੇ ਬਜ਼ੁਰਗ ਦੀ ਟਿਕਟ ਵੇਖਣ ਲੱਗਾ।
“ਤੁਹਾਡਾ ਵੀ ਆਰਡਨਰੀ ਟਿਕਟ ਐ। ਤੁਸੀਂ ਵੀ ਕੱਢੋ ਇਕ ਸੌ ਦਸ ਰੁਪਏ।”
“ਮੇਰੇ ਕੋਲ ਕੋਈ ਪੈਸਾ ਨਹੀਂ ਦੇਣ ਲਈ।” ਬਜ਼ੁਰਗ ਦੀ ਆਵਾਜ਼ ਵਿਚ ਦਮ ਸੀ।
“ਜੁਰਮਾਨਾ ਨਹੀਂ ਭਰੋਗੇ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ।” ਚੈੱਕਰ ਨੇ ਪਿੱਛੇ ਆ ਖੜੇ ਹੋਏ ਸਿਪਾਹੀ ਨੂੰ ਵੇਖਦਿਆਂ ਡਰਾਵਾ ਦਿੱਤਾ।
“ਕਿਸ ਜੁਰਮ ਲਈ?”
“ਆਰਡਨਰੀ ਕਲਾਸ ਦੇ ਟਿਕਟ ’ਤੇ ਸਲੀਪਰ ਕਲਾਸ ’ਚ ਸਫਰ ਕਰਨ ਲਈ।”
“ਤੁਸੀਂ ਮੈਨੂੰ ਆਰਡਨਰੀ ਡੱਬੇ ’ਚ ਸੀਟ ਦਿਵਾ ਦਿਓ।”
“ਇਹ ਮੇਰੀ ਜਿੰਮੇਵਾਰੀ ਨਹੀਂ।”
“ਰੇਲਵੇ ਨੇ ਮੈਨੂੰ ਇਹ ਟਿਕਟ ਕਿਸ ਲਈ ਜਾਰੀ ਕੀਤਾ ਹੈ?”
“ਇਹ ਟਿਕਟ ਕੇਵਲ ਇਸ ਗੱਡੀ ਦੀ ਆਰਡਨਰੀ ਕਲਾਸ ’ਚ ਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ। ਸੀਟ ਦਾ ਮਿਲਣਾ ਜ਼ਰੂਰੀ ਨਹੀਂ।” ਚੈੱਕਰ ਨੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੰਦਿਆਂ ਕਿਹਾ।
“ਕੀ ਮੈਂ ਗੱਡੀ ਦੀ ਛੱਤ ’ਤੇ ਬੈਠ ਕੇ ਸਫਰ ਕਰ ਸਕਦਾ ਹਾਂ?” ਬਜ਼ੁਰਗ ਨੇ ਸਵਾਲ ਕੀਤਾ।
“ਛੱਤ ’ਤੇ ਬੈਠ ਕੇ ਸਫਰ ਕਰਨਾ ਤਾਂ ਇਸ ਤੋਂ ਵੀ ਵੱਡਾ ਜੁਰਮ ਹੈ।”
“ਕੀ ਮੈਂ ਦਰਵਾਜੇ ਨਾਲ ਲਮਕ ਕੇ ਸਫਰ ਕਰ ਸਕਦਾ ਹਾਂ?”
“ਨਹੀਂ, ਰੇਲਵੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।”
ਬਜ਼ੁਰਗ ਹੌਲੇ ਜਿਹੇ ਖੜਾ ਹੋਇਆ ਤੇ ਉਸਨੇ ਟਿਕਟ ਚੈੱਕਰ ਦਾ ਹੱਥ ਫੜਦੇ ਹੋਏ ਕਿਹਾ, “ਮੈਨੂੰ ਗੱਡੀ ’ਚ ਉਸ ਥਾਂ ’ਤੇ ਛੱਡ ਆਓ, ਜਿੱਥੇ ਮੈਂ ਇਸ ਟਿਕਟ ਤੇ ਸਫਰ ਕਰ ਸਕਦਾ ਹੋਵਾਂ।”
ਟਿਕਟ ਚੈੱਕਰ ਨੂੰ ਕੁਝ ਨਹੀਂ ਸੁਝ ਰਿਹਾ ਸੀ। ਉਸਨੇ ਕਿਸੇ ਤਰ੍ਹਾਂ ਬਜ਼ੁਰਗ ਤੋਂ ਆਪਣਾ ਹੱਥ ਛੁਡਾਇਆ ਤੇ ਵਾਪਸ ਮੁੜ ਗਿਆ। ਇਕ ਸੌ ਦਸ ਰੁਪਏ ਦੇ ਨੋਟ ਮੇਰੇ ਹੱਥ ਵਿਚ ਫੜੇ ਰਹਿ ਗਏ।
-0-

No comments: