“ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ।
“ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ।
ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ।” ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ਝਲਕ ਰਹੀ ਸੀ।
ਬੰਟੀ ਨਾਲ ਮੈਨੂੰ ਬਹੁਤ ਪਿਆਰ ਸੀ ਤੇ ਉਹਨੂੰ ਮੇਰੇ ਨਾਲ। ਸੀ ਤਾਂ ਮੈਂ ਉਹਦੇ ਬਾਬੇ ਦੀ ਉਮਰ ਦਾ, ਪਰ ਬੰਟੀ ਮੇਰੇ ਨਾਲ ਇੰਜ ਵਿਵਹਾਰ ਕਰਦਾ ਜਿਵੇਂ ਮੈਂ ਉਹਦੇ ਹਾਣ ਦਾ ਹੋਵਾਂ। ਉਹ ਘੰਟਿਆਂ ਬੱਧੀ ਮੇਰੇ ਨਾਲ ਖੇਡਦਾ ਰਹਿੰਦਾ। ਉਹ ਤਿੰਨ ਸਾਲ ਦਾ ਸੀ ਤੇ ਉਹਨੂੰ ਸਕੂਲ ਜਾਣ ਦਾ ਬਡ਼ਾ ਚਾਅ ਸੀ। ਪਿਛਲੇ ਹਫਤੇ ਹੀ ਉਹ ਖਰਗੋਸ਼ ਦੀ ਸ਼ਕਲ ਵਰਗੇ ਬਸਤੇ ਵਿਚ ਇਕ ਕਿਤਾਬ ਪਾਈ ਫਿਰਦਾ ਸੀ। ਉਹ ਹਰ ਇਕ ਨੂੰ ਕਹਿੰਦਾ, “ਮੈਂ ਵੀ ਸਕੂਲ ਜਾਊਂਗਾ! ਬੱਘੀ ’ਚ ਬੈਠ ਕੇ।”
ਚਾਰ ਕੁ ਦਿਨ ਪਹਿਲਾਂ ਜਦੋਂ ਉਹ ਪਹਿਲੀ ਵਾਰ ਸਕੂਲ ਗਿਆ, ਖੁਸ਼ੀ ਉਸਤੋਂ ਸੰਭਾਲੀ ਨਹੀਂ ਜਾ ਰਹੀ ਸੀ।
ਉਠ ਕੇ ਮੈਂ ਵੀ ਕੁਡ਼ੀ ਦੇ ਨਾਲ ਤੁਰ ਪਿਆ। ਆਂਢ-ਗੁਆਂਢ ਵਿਚ ਸਾਰੇ ਪਤਾ ਕਰ ਲਿਆ ਗਿਆ। ਘਰ ਦਾ ਕੋਨਾ ਕੋਨਾ ਛਾਣ ਮਾਰਿਆ ਗਿਆ। ਪਰ ਬੰਟੀ ਨਹੀਂ ਮਿਲਿਆ। ਅਚਾਨਕ ਮੇਰਾ ਧਿਆਨ ਘਰ ਦੇ ਪਿਛਵਾਡ਼ੇ ਵਿਚ ਬਣੀ ਕੋਠਡ਼ੀ ਵੱਲ ਗਿਆ।
“ਉਸ ਕੋਠਡ਼ੀ ’ਚ ਨਿਗ੍ਹਾ ਮਾਰਲੀ?” ਮੈਂ ਪੁੱਛਿਆ।
“ਉਸ ਕੋਠਡ਼ੀ ਵਿਚ ਜਾਣ ਤੋਂ ਤਾਂ ਉਹ ਬਹੁਤ ਡਰਦੈ।” ਬੰਟੀ ਦੀ ਦਾਦੀ ਨੇ ਦੱਸਿਆ।
“ਕੋਠਡ਼ੀ ਅੰਦਰ ਤਾਂ ਉਹ ਝਾਕਦਾ ਵੀ ਨਹੀਂ।” ਬੰਟੀ ਦੀ ਮਾਂ ਕਹਿ ਰਹੀ ਸੀ।
“ਫੇਰ ਵੀ ਦੇਖਣ ’ਚ ਕੀ ਹਰਜ ਐ।” ਕਹਿੰਦਾ ਮੈਂ ਕੋਠਡ਼ੀ ਵੱਲ ਹੋਇਆ। ਕੋਠਡ਼ੀ ਅੰਦਰ ਰੋਸ਼ਨੀ ਬਹੁਤ ਘੱਟ ਸੀ। ਅੱਖਾਂ ਨੇ ਪੂਰੀ ਤਰ੍ਹਾਂ ਫੈਲ ਕੇ ਧਿਆਨ ਨਾਲ ਦੇਖਿਆ। ਸਕੂਲ ਦੀ ਸਫੈਦ ਡਰੈਸ ਪਾਈ ਬੰਟੀ ਇਕ ਖੂੰਜੇ ਵਿਚ ਦੁਬਕਿਆ ਬੈਠਾ ਸੀ। ਮੈਂ ਉਸ ਵੱਲ ਵਧਿਆ ਤਾਂ ਉਹ ਚੀਕ ਮਾਰ ਕੇ ਰੋਣ ਲੱਗ ਪਿਆ। ਬਡ਼ੀ ਮੁਸ਼ਕਿਲ ਨਾਲ ਮੈਂ ਉਸਨੂੰ ਚੁੱਕ ਕੇ ਬਾਹਰ ਲਿਆਇਆ। ਬੰਟੀ ਦਾ ਪਿੰਡਾ ਤੇਜ਼ ਬੁਖਾਰ ਨਾਲ ਤਪ ਰਿਹਾ ਸੀ।
-0-