ਦਲਾਲ ਮੰਗਤ ਰਾਮ ਸੋਹਨ ਲਾਲ ਦੀ ਬੇਟੀ ਦੇ ਰਿਸ਼ਤੇ ਲਈ ਨਿੱਤ ਨਵੇਂ ਮੁੰਡੇ ਦਾ ਬਿਉਰਾ ਲੈ ਕੇ ਆਉਂਦਾ, ਪਰ ਸੋਹਨ ਲਾਲ ਕੋਈ ਨਾ ਕੋਈ ਕਮੀ ਦੱਸ ਕੇ ਉਸ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੰਦਾ। ਕੋਈ ਘੱਟ ਪੜ੍ਹਿਆ ਲਿਖਿਆ ਹੁੰਦਾ, ਕਿਸੇ ਦਾ ਕੰਮ ਧੰਦਾ ਠੀਕ ਨਾ ਹੁੰਦਾ ਤੇ ਕਿਸੇ ਦਾ ਪਰਿਵਾਰ ਬਹੁਤ ਵੱਡਾ ਹੁੰਦਾ।
ਇਕ ਦਿਨ ਮੰਗਤ ਰਾਮ ਬੋਲ ਹੀ ਪਿਆ, “ਆਹ ਏਨਾ ਵਧੀਆ ਰਿਸ਼ਤਾ ਐ। ਮੁੰਡਾ ਪੜ੍ਹਿਆ ਲਿਖਿਆ, ਕਮਾਊ, ਕੰਮ ਧੰਦਾ ਵਧੀਆ। ਮਾਂ ਪਿਓ ਤੋਂ ਇਲਾਵਾ ਘਰ ’ਚ ਇਕ ਛੋਟਾ ਭਰਾ ਈ ਐ, ਯਾਨੀ ਨਿੱਕਾ ਜਿਆ ਪਰਵਾਰ। ਹੋਰ ਤੁਹਾਨੂੰ ਕੀ ਚਾਹੀਦੈ?”
“ਇਹ ਰਿਸ਼ਤਾ ਸਾਡੀ ਇਕ ਜ਼ਰੂਰੀ ਸ਼ਰਤ ਪੂਰੀ ਨਹੀਂ ਕਰਦਾ।” ਸੋਹਨ ਲਾਲ ਬੋਲਿਆ।
“ਕਿਹੜੀ ਜ਼ਰੂਰੀ ਸ਼ਰਤ?”
“ਪਰਵਾਰ ’ਚ ਇਕ ਕੁੜੀ ਜ਼ਰੂਰ ਹੋਣੀ ਚਾਹੀਦੀ ਐ। ਏਥੇ ਨਾ ਮੁੰਡੇ ਦੀ ਭੈਣ, ਨਾ ਭੂਆ। ਜੇ ਘਰ ’ਚ ਕੁੜੀ ਈ ਨਾ ਹੋਈ ਤਾਂ ਉਹ ਸਾਡੀ ਕੁੜੀ ਦਾ ਦੁਖ ਦਰਦ ਕੀ ਸਮਝਣਗੇ?”
“ਨਾ ਜੇ ਕਿਸੇ ਘਰ ਕੁੜੀ ਜੰਮੇ ਈ ਨਾ…?”
“ਜੰਮੇ ਈ ਨਾ…! ਦੋਹਾਂ ਭਰਾਵਾਂ ਦੀ ਉਮਰ ’ਚ ਦਸ ਸਾਲ ਦਾ ਫਰਕ ਐ। ਇਨ੍ਹਾਂ ਸਾਲਾਂ ’ਚ ਇਨ੍ਹਾਂ ਨੇ ਕੁੜੀਆਂ ਈ ਮਾਰੀਆਂ ਹੋਣੀਐਂ।”
ਸੋਹਨ ਲਾਲ ਦੀ ਦਲੀਲ ਸੁਣ ਮੰਗਤ ਰਾਮ ਨੂੰ ਮੁੰਡੇ ਦੀ ਤਾਰੀਫ ਵਿਚ ਕਹਿਣ ਲਈ ਕੁਝ ਨਹੀਂ ਸੁੱਝਿਆ।
-0-