Sunday, May 15, 2011

ਔਰਤ ਦਾ ਦਰਦ


                                               
ਦੋ ਕੁ ਦਿਨਾਂ ਤੋਂ ਲਛਮੀ ਆਪਣੀ ਸੋਲ੍ਹਾਂ ਵਰ੍ਹਿਆਂ ਦੀ ਧੀ ਨੂੰ ਵੀ ਮਜ਼ਦੂਰੀ ਵਾਸਤੇ ਆਪਣੇ ਨਾਲ ਹੀ ਲਿਆਉਣ ਲੱਗ ਪਈ ਸੀ।
ਦੁਪਹਿਰ ਦੀ ਛੁੱਟੀ ਵੇਲੇ ਰੋਟੀ ਖਾਂਦਿਆਂ ਉਸਦੀ ਬਸਤੀ ਦੀ ਕਮਲਾ ਬੋਲੀ, ਤੂੰ ਰਾਧਾ ਨੂੰ ਕਿਉਂ ਨਾਲ ਲਿਆਉਣ ਲੱਗਗੀ, ਲੱਛਮੀ?
ਨਾਲ ਨਾ ਲਿਆਵਾਂ ਤਾਂ ਕੀ ਕਰਾਂ ਭੈਣ। ਇੱਕ ਤਾਂ ਅੱਖਾਂ ਸਾਹਮਣੇ ਰਹਿੰਦੀ ਐ, ਨਾਲੇ ਚਾਰ ਪੈਸੇ ਬਣਦੇ ਐ।ਲੱਛਮੀ ਦੀ ਆਵਾਜ਼ ਵਿੱਚੋਂ ਚਿੰਤਾ ਝਲਕ ਰਹੀ ਸੀ।
ਠੇਕੇਦਾਰ ਕਰਕੇ ਕਹਿਨੀ ਆਂ ਮੈਂ ਤਾਂ। ਮੋਏ ਦੀ ਨਿਗ੍ਹਾ ਠੀਕ ਨ੍ਹੀਂ। ਜਵਾਨ ਧੀ-ਭੈਣ ਘਰੇ ਈ ਰਵੇ ਤਾਂ ਠੀਕ ਐ।
ਰੋਟੀ ਦੀ ਬੁਰਕੀ ਲੱਛਮੀ ਦੇ ਸੰਘ ਵਿਚ ਜਿੱਥੇ ਸੀ, ਉੱਥੇ ਈ ਅਟਕ ਗਈ। ਉਸਨੇ ਡੱਬੇ ਵਿੱਚੋਂ ਪਾਣੀ ਪੀ ਕੇ ਗਲਾ ਸਾਫ ਕੀਤਾ। ਫਿਰ ਆਸੇ-ਪਾਸੇ ਦੇਖਿਆ ਤੇ ਡੂਂਘਾ ਸਾਹ ਲੈਂਦੇ ਹੋਏ ਹੌਲੇ ਜਿਹੇ ਬੋਲੀ, ਘਰ ਕੀਹਦੇ ਕੋਲ ਛੱਡਾਂ ਭੈਣ? ਪਿਓ ਇਹਦਾ ਸ਼ਰਾਬ ਪੀ ਕੇ ਪਿਆ ਰਹਿੰਦੈ ਸਾਰਾ ਦਿਨ। ਉਹਦੀ ਨਿਗ੍ਹਾ ਤਾਂ ਠੇਕੇਦਾਰ ਨਾਲੋਂ ਵੀ ਮਾੜੀ ਲੱਗਦੀ ਐ। ਠੇਕੇਦਾਰ ਤੋਂ ਤਾਂ ਬਚਾ ਲੂੰ, ਉਹਤੋਂ ਕੌਣ ਬਚਾਊ ਕੁੜੀ ਨੂੰ।
                      -0-