ਪਿੰਡੋਂ ਆਈ ਗਿਆਨ ਕੌਰ ਪੁੱਛ ਪੁਛਾ ਕੇ ਜਦੋਂ ਅਨੰਦ ਨਗਰ ਪਹੁੰਚੀ, ਸੂਰਜ ਅੱਗ ਦਾ ਗੋਲਾ ਬਣ ਕੇ ਉਹਦੇ ਸਿਰ ਉੱਪਰ ਲਟਕ ਰਿਹਾ ਸੀ। ਉਹਦੇ ਭਾਣਜੇ ਨੇ ਸ਼ਹਿਰ ਦੇ ਇਸ ਮਹੱਲੇ ਵਿਚ ਪਿੱਛੇ ਜਿਹੇ ਕੋਠੀ ਬਣਾਈ ਸੀ। ਗਰਮੀ ਵਧ ਗਈ ਸੀ ਤੇ ਗਲੀਆਂ ਸੁੰਨੀਆਂ ਪਈਆਂ ਸਨ। ਉਹ ਸੱਤਰਾਂ ਨੂੰ ਢੁੱਕਣ ਵਾਲੀ ਸੀ ਤੇ ਗੋਡਿਆਂ ਨੂੰ ਸਹਾਰਾ ਦਿੰਦੀ ਹੌਲੇ ਹੌਲੇ ਤੁਰ ਰਹੀ ਸੀ। ‘ਬਾਲਗ ਸਿੱਖਿਆ’ ਅਧੀਨ ਉਹ ਥੋਡ਼ਾ-ਬਹੁਤ ਪਡ਼੍ਹਨਾ ਸਿੱਖ ਗਈ ਸੀ। ਉਹਨੇ ਕਈ ਕੋਠੀਆਂ ਦੇ ਨੰਬਰ ਪਡ਼੍ਹੇ, ਪਰ ਭਾਣਜੇ ਦੀ ਛਪੰਜਾ ਨੰਬਰ ਕੋਠੀ ਨਜ਼ਰ ਨਹੀ ਆਈ।
ਸਕੂਲੋਂ ਮੁਡ਼ਦੀਆਂ ਸੋਹਣੀ ਵਰਦੀ ਪਾਈ ਦੋ ਕੁਡ਼ੀਆਂ ਨਜ਼ਰ ਆਈਆਂ ਤਾਂ ਗਿਆਨ ਕੌਰ ਨੂੰ ਕੁਝ ਹੌਂਸਲਾ ਹੋਇਆ। ਉਸਨੇ ਉਹਨਾਂ ਨੂੰ ਰੋਕ ਕੇ ਪੁੱਛਿਆ, “ਪੁੱਤ, ਛਪੰਜਾ ਨੰਬਰ ਕੋਠੀ ਕਿੱਛੇ ਜੇ ਐ?”
ਕੁਡ਼ੀਆਂ ਨੇ ਇੱਕ ਦੂਜੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਿਆ ਤੇ ਫਿਰ ‘ਪਤਾ ਨਹੀਂ!’ ਕਹਿਕੇ ਅੱਗੇ ਤੁਰ ਗਈਆਂ। ਗਿਆਨ ਕੌਰ ਨੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਇਕ ਦਸਾਂ ਕੁ ਵਰ੍ਹਿਆਂ ਦਾ ਮੁੰਡਾ ਸਾਇਕਲ ਉੱਤੇ ਆਉਂਦਾ ਦਿੱਸਿਆ। ਉਹਨੇ ਮੁੰਡੇ ਨੂੰ ਵੀ ਰੋਕ ਕੇ ਛਪੰਜਾ ਨੰਬਰ ਕੋਠੀ ਬਾਰੇ ਪੁੱਛਿਆ। ਮੁੰਡਾ ਵੀ ਕੁਡ਼ੀਆਂ ਵਾਂਗ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਤਾਂ ਉਹਨੇ ਕਿਹਾ, “ਨਸ਼ਹਿਰੇ ਵਾਲੇ ਨੰਜੂ ਦੀ ਕੋਠੀ ਐ, ਹੁਣੇ ਬਣਾਈ ਐ, ਛੇ ਕੁ ਮਹੀਨੇ ਹੋਏ।”
“ਮੈਨੂੰ ਨਹੀਂ ਪਤਾ।” ਕਹਿਕੇ ਮੁੰਡਾ ਸਾਇਕਲ ਉੱਤੇ ਸਵਾਰ ਹੋ ਗਿਆ।
ਕਈ ਘਰਾਂ ਦੇ ਬੂਹੇ ਖਡ਼ਕਾਉਣ ਮਗਰੋਂ ਅੰਤ ਗਿਆਨ ਕੌਰ ਨੇ ਛਪੰਜਾ ਨੰਬਰ ਕੋਠੀ ਲੱਭ ਹੀ ਲਈ। ਥੱਕੀ ਟੁੱਟੀ ਨੇ ਕੋਠੀ ਦਾ ਵੱਡਾ ਸਾਰਾ ਗੇਟ ਖਡ਼ਕਾਇਆ। ਦਰਵਾਜਾ ਖੁਲ੍ਹਿਆ ਤਾਂ ਉਹ ਹੈਰਾਨ ਰਹਿ ਗਈ– ਸਾਹਮਣੇ ਉਹੀ ਸਾਇਕਲ ਵਾਲਾ ਮੁੰਡਾ ਖਡ਼ਾ ਸੀ।
“ਤੁਹਾਡਾ ਪੋਤਰਾ ਐ ਮਾਸੀ ਜੀ।” ਭਾਣਜ-ਨੂੰਹ ਨੇ ਪੰਜ ਵਰ੍ਹਿਆਂ ਮਗਰੋਂ ਆਈ ਗਿਆਨ ਕੌਰ ਨੂੰ ਮੁੰਡੇ ਬਾਰੇ ਦਸਦਿਆਂ ਕਿਹਾ।
ਹੈਰਾਨ ਹੋਈ ਗਿਆਨ ਕੌਰ ਬੋਲੀ, “ਨੀ ਆਹ ਕਿਹੋ ਜਿਹਾ ਮੁੰਡਾ ਐ ਤੇਰਾ, ਏਹਨੂੰ ਥੋਡਾ ਘਰ ਪੁੱਛਿਆ ਤਾਂ ਕਹਿੰਦਾ, ਮੈਨੂੰ ਨਹੀਂ ਪਤਾ!”
ਨੂੰਹ ਨੇ ਮੁੰਡੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਬੋਲਿਆ, “ਛਪੰਜਾ ਨੰਬਰ-ਛਪੰਜਾ ਨੰਬਰ ਕਰੀ ਜਾਂਦੀ ਸੀ। ਆਪਣੀ ਕੋਠੀ ਦਾ ਨੰਬਰ ਕੋਈ ਛਪੰਜਾ ਐ? ਆਪਣਾ ਨੰਬਰ ਤਾਂ ਫਿਫਟੀ-ਸਿਕਸ ਐ।”
-0-