Sunday, June 13, 2010

ਯਤੀਮ


 

  


ਯਤੀਮ ਮੁੰਡੇ ਦੇ ਦੁੱਧ ਧੋਤੇ ਚਿੱਟੇ ਕਪਡ਼ਿਆਂ ਵੱਲ ਨੀਝ ਨਾਲ ਦੇਖਦਿਆਂ ਜੱਗੂ ਨੇ ਪੁੱਛਿਆ, ਤੂੰ ਸਕੂਲ ਪਡ਼੍ਹਨ ਜਾਨੈਂ?
ਹਾਂ ਯਤੀਮਖਾਨੇ ਦੇ ਸਾਰੇ ਬੱਚੇ ਪਡ਼੍ਹਨ ਜਾਂਦੇ ਐ।
ਬਡ਼ਾ ਖੁਸ਼ਕਿਸਮਤ ਐਂ!ਜੱਗੂ ਨੇ ਯਤੀਮ ਮੁੰਡੇ ਨੂੰ ਹਸਰਤਭਰੀ ਨਿਗ੍ਹਾ ਨਾਲ ਦੇਖਦਿਆਂ ਕਿਹਾ।
ਯਤੀਮ ਨਾਲ ਮਜਾਕ ਨਹੀਂ ਕਰੀਦਾ।ਮੁੰਡਾ ਦੁਖੀ ਮਨ ਨਾਲ ਬੋਲਿਆ।
ਖੁਸ਼ਕਿਸਮਤ ਤਾਂ ਹੈਂ ਈਂ। ਮੇਰੇ ਕੋਲ ਨਾ ਤੇਰੇ ਵਰਗੇ ਕਪਡ਼ੇ ਐ ਤੇ ਨਾ ਮੈਂ ਸਕੂਲ ਜਾ ਸਕਦਾ।ਜੱਗੂ ਦੀਆਂ ਅੱਖਾਂ ਭਰ ਆਈਆਂ।
ਤੂੰ ਸਕੂਲ ਨਹੀਂ ਜਾਂਦਾ! ਫੇਰ ਸਾਰਾ ਦਿਨ ਕੀ ਕਰਦੈਂ?ਯਤੀਮ ਮੁੰਡੇ ਨੇ ਹੈਰਾਨੀ ਨਾਲ ਪੁੱਛਿਆ।
ਹੋਟਲ ’ਚ ਭਾਂਡੇ ਮਾਂਜਦੈਂ।
ਤੂੰ ਯਤੀਮਖਾਨੇ ’ਚ ਕਿਉਂ ਨ੍ਹੀਂ ਆ ਜਾਂਦਾ?ਯਤੀਮ ਮੁੰਡੇ ਨੇ ਹਮਦਰਦੀ ਪ੍ਰਗਟਾਈ।
ਜੀ ਤਾਂ ਬਹੁਤ ਕਰਦੈ, ਪਰ ਉਹ ਮੈਨੂੰ ਰਖਦੇ ਨ੍ਹੀਂ।
ਕਿਉਂ?ਯਤੀਮ ਮੁੰਡਾ ਬਹੁਤ ਹੈਰਾਨ ਸੀ।
ਮੇਰੇ ਮਾਂ-ਬਾਪ ਜੋ ਜਿਉਂਦੇ ਨੇ।ਕਹਿੰਦਿਆਂ ਜੱਗੂ ਦੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ।
                                                   -0-