Sunday, February 28, 2010

ਮਕਾਨ




ਮਕਾਨ ਨੂੰ ਦੇਖ ਦੇਖ ਕੇ ਕਿਰਾਏਦਾਰ ਬਹੁਤ ਖੁਸ਼ ਹੋ ਰਿਹਾ ਸੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼ਹਿਰ ਵਿਚ ਇੰਨਾ ਵਧੀਆ ਮਕਾਨ ਕਿਰਾਏ ਲਈ ਖਾਲੀ ਮਿਲ ਜਾਵੇਗਾ। ਸਭ ਕੁਝ ਤਾਂ ਵਧੀਆ ਸੀ ਬੈਡਰੂਮ, ਡਰਾਇੰਗ ਰੂਮ, ਬਾਥਰੂਮ, ਕਿਚਨ, ਲੈਟਰੀਨ। ਕਿਤੇ ਕੋਈ ਕਮੀ ਨਹੀਂ ਸੀ।

ਛੱਤਾਂ ਤਾਂ ਪੱਕੀਆਂ ਹੋਣਗੀਆਂ? ਉਸ ਨੇ ਮਕਾਨ ਮਾਲਕ ਨੂੰ ਸਵਾਲ ਕੀਤਾ।

ਹਾਂ ਜੀ, ਬਿਲਕੁਲ ਪੱਕੀਆਂ। ਉੱਤੇ ਪਾਣੀ ਦੀ ਟੈਂਕੀ ਵੀ ਐ। ਆਪ ਜਾ ਕੇ ਵੇਖ ਆਓ, ਨਾਲੇ ਆਲਾ-ਦੁਆਲਾ ਵੀ ਵੇਖ ਲਉਗੇ।ਮਕਾਨ ਮਾਲਕ ਨੇ ਕਿਹਾ।

ਕਿਰਾਏਦਾਰ ਪੌੜੀਆਂ ਚੜ੍ਹ ਕੇ ਛੱਤ ਉੱਪਰ ਗਿਆ ਤੇ ਛੇਤੀ ਹੀ ਵਾਪਸ ਮੁੜ ਆਇਆ। ਹੁਣ ਉਹ ਨਿਰਾਸ਼ ਜਾਪਦਾ ਸੀ।

ਮਕਾਨ ਤਾਂ ਬਹੁਤ ਵਧੀਆ ਹੈ, ਪਰ ਮੈਂ ਇੱਥੇ ਨਹੀਂ ਰਹਿ ਸਕਦਾ।ਕਿਰਾਏਦਾਰ ਨੇ ਬਾਹਰ ਵੱਲ ਵਧਦਿਆਂ ਕਿਹਾ।

ਮਕਾਨ ਮਾਲਕ ਬਹੁਤ ਹੈਰਾਨ ਸੀ, ਆਖਰ ਇਸ ਨੂੰ ਇਕਦਮ ਹੋ ਕੀ ਗਿਆ? ਕਿਤੇ ਕੋਈ ਗਲਤ ਫ਼ਹਿਮੀ ਨਾ ਹੋਵੇ, ਸੋਚਦਿਆਂ ਉਸ ਨੇ ਕਿਹਾ, ਮਕਾਨ ਭੂਤੀਆ ਨਹੀਂ ਐ ਤੇ ਨਾ ਹੀ ਨੇੜੇ-ਤੇੜੇ ਕੋਈ ਪੁਲਿਸ ਚੌਕੀ ਐ।

ਫਿਰ ਵੀ ਕਿਰਾਏਦਾਰ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤਾਂ ਮਕਾਨ ਮਾਲਕ ਨੇ ਅੱਗੇ ਵਧਕੇ ਉਸ ਦਾ ਰਾਹ ਰੋਕ ਲਿਆ, ਮਕਾਨ ਤਾਂ ਜੀ ਤੁਸੀਂ ਭਾਵੇਂ ਕਿਰਾਏ ਤੇ ਨਾ ਲਿਓ, ਪਰ ਇਹ ਤਾਂ ਦੱਸ ਜਾਓ ਕਿ ਇਸ ’ਚ ਕਮੀ ਕੀ ਐ? ਲੋਕ ਤਾਂ ਕਹਿੰਦੇ ਐ ਕਿ ਸ਼ਹਿਰ ’ਚ ਮਕਾਨਾਂ ਦਾ ਕਾਲ ਪਿਆ ਏ, ਪਰ ਇੱਥੇ ਏਨਾ ਵਧੀਆ ਮਕਾਨ ਖਾਲੀ ਪਿਆ ਏ।

ਮਕਾਨ ਮਾਲਕ ਪੂਰੇ ਦਾ ਪੂਰਾ ਪ੍ਰਸ਼ਨ-ਚਿੰਨ੍ਹ ਬਣ ਕੇ ਕਿਰਾਏਦਾਰ ਸਾਹਮਣੇ ਖੜਾ ਸੀ।

ਤੁਹਾਨੂੰ ਨਹੀਂ ਪਤਾ, ਤੁਹਾਡਾ ਮਕਾਨ ਘਰ ਬਣਨ ਯੋਗ ਨਹੀਂ। ਤੁਹਾਡੇ ਮਕਾਨ ਦੇ ਇਕ ਹੱਥ ਗੁਰਦੁਆਰਾ ਹੈ ਤੇ ਦੂਜੇ ਹੱਥ ਮੰਦਰ।

-0-