Sunday, September 18, 2011

ਬੇੜੀਆਂ


                                     
ਚਿਤਾ ਨੂੰ ਅਗਨੀ ਦਿਖਾਈ ਗਈ ਤਾਂ ਉਹ ਧੂ- ਧੂ ਕਰਕੇ ਜਲਣ ਲੱਗੀ
ਕੰਮ ਦਾ ਬੇਹਿਸਾਬ ਬੋਝ, ਉੱਤੋਂ ਹਰ ਸਮੇਂ ਪਤੀ ਦੇ ਗਰਮ ਤੇ ਰੁੱਖੇ ਸੁਭਾ ਕਾਰਣ ਕ੍ਰਿਸ਼ਣਾ  ਸਦਾ ਤਨਾਉ ਵਿਚ ਰਹਿੰਦੀ ਸੀ। ਅਠਾਰਾਂ ਵਰ੍ਹਿਆਂ ਦਾ ਹੋ ਗਿਆ ਪੁੱਤਰ ਵੀ ਉਹਦੀ ਇਕ ਨਾ ਸੁਣਦਾ। ਉਸਨੂੰ ਘਰ ਵਿਚ ਬਿਨਾ ਤਨਖਾਹ ਦੀ ਨੌਕਰਾਣੀ ਹੀ ਸਮਝਿਆ ਜਾਂਦਾ ਚੰਗੀ ਆਰਥਿਕ ਸਥਿਤੀ ਵਾਲਾ ਪਰਿਵਾਰ  ਸੀ। ਫਿਰ ਵੀ ਉਹ ਕਦੇ ਕਿਤੇ ਸੈਰ-ਸਪਾਟੇ ਲਈ ਗਈ ਹੋਵੇ, ਯਾਦ ਨਹੀਂ ਆਉਂਦਾ। ਵਿਆਹ ਤੋਂ ਬਾਦ ਤਾਂ ਉਹ ਕਦੇ ਸਿਨੇਮੇ ਵੀ ਨਹੀਂ ਗਈ ਸੀ। ਉਹਦੇ ਕਦੇ ਬਹੁਤ ਸੋਹਣੇ ਕਪੜੇ ਪਾਏ, ਮੈਂ ਨਹੀਂ ਦੇਖੇ। ਬਸ ਹਰ ਵੇਲੇ ਕੰਮ ਹੀ ਕੰਮ ਦਾ ਧਿਆਨਨਿੱਕੀ-ਨਿੱਕੀ ਗੱਲ ਉੱਤੇ ਪਤੀ ਦੇ ਗੁੱਸੇ ਹੋਣ ਅਤੇ ਹੱਥ ਚੁੱਕ ਲੈਣ ਦੀ ਚਿੰਤਾ ਸਦਾ ਸਤਾਉਂਦੀ ਰਹਿੰਦੀ ਸੀ
         ਆਖਰ ਦਿਮਾਗ ਦੀ ਨਾੜੀ ਫਟ ਜਾਣ ਕਾਰਣ, ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਅਸੀਂ ਇੱਕ-ਦੂਜੇ ਨੂੰ ਸਕੂਲ ਵੇਲੇ ਤੋਂ ਹੀ ਜਾਣਦੇ ਸੀਦੋਨੋਂ ਵਿਆਹ ਕਰਵਾ ਇੱਕ ਹੋਣਾ ਲੋਚਦੇ ਸੀਪਰ ਸਮਾਜ ਨੇ ਸਾਨੂੰ ਇਕ ਨਹੀਂ ਹੋਣ ਦਿੱਤਾ।
ਜਦੋਂ ਕਦੇ ਵੀ ਅਸੀਂ ਮਿਲਦੇ, ਉਹ ਮੇਰੇ ਸੀਨੇ ਨਾਲ ਲੱਗਕੇ ਆਪਣੇ ਦੁੱਖ ਹੌਲੇ ਕਰ ਲੈਂਦੀ।
          ਗਰਮੀ ਦਾ ਮੌਸਮ ਤੇ ਅੱਗ ਦਾ ਸੇਕ। ਚਿਤਾ ਕੋਲ ਖੜੇ ਲੋਕ ਹੌਲੇ-ਹੌਲੇ ਦੂਰ ਜਾ ਖੜੇ। ਉਸਦਾ ਪਤੀ ਵੀ ਤੇ ਬੇਟਾ ਵੀ।
           ਮੈਂ ਅਜੇ ਵੀ ਚਿਤਾ ਕੋਲ ਖੜ੍ਹਾ ਸੀ। ਸੇਕ ਬਹੁਤ ਸੀ, ਪਰ ਪੈਰ ਫਿਰ ਵੀ ਪਿਛੇ ਨਹੀਂ ਹਟ ਰਹੇ ਸਨ। ਲੱਗਾ ਜਿਵੇਂ ਧੂ-ਧੂ ਕਰਕੇ ਜਲ ਰਹੀ ਕ੍ਰਿਸ਼ਣਾ ਉੱਠ ਕੇ ਬੈਠ ਗਈ ਹੋਵੇ। ਉਸਨੇ ਦੂਰ ਖੜ੍ਹੇ ਆਪਣੇ ਪਤੀ ਵੱਲ ਨਿਗ੍ਹਾ ਮਾਰੀ ਤੇ ਘ੍ਰਿਣਾ ਨਾਲ ਮੂੰਹ ਫੇਰ ਲਿਆ। ਆਪਣੇ ਕਾਤਿਲਾਂ ਨੂੰ ਕੌਣ ਪਿਆਰ ਕਰਦਾ ਹੈ, ਜੋ ਉਹ ਕਰਦੀ।
             ਆਖਿਰ ਉਹਨਾਂ ਨੇ ਮੈਨੂੰ ਮਾਰ ਹੀ ਦਿੱਤਾਲੋਕ ਔਰਤ ਨੂੰ ਤਡ਼ਪਾ-ਤਡ਼ਪਾ ਕੇ ਮਾਰ ਵੀ ਦਿੰਦੇ ਨੇ ਤੇ ਕੋਈ ਉਹਨਾਂ ਨੂੰ ਕਾਤਲ ਵੀ ਨਹੀ ਕਹਿੰਦਾ। ਉਹ ਕਹਿ ਰਹੀ ਸੀ।
             ਮੈ ਵੀ ਤਾਂ ਤੈਨੂੰ ਨਹੀ ਬਚਾ ਸਕਿਆ। ਮੈਂ ਵੀ…ਮੇਰਾ ਅੰਦਰ ਰੋ ਉੱਠਿਆ।
            ਤੂੰ ਐਵੇਂ ਦੁਖੀ ਨਾ ਹੋ। ਤੇਰੇ ਪਿਆਰ ਕਾਰਨ ਹੀ ਤਾਂ ਏਨਾ ਸਮਾਂ ਜੀ ਸਕੀ, ਨਹੀ ਤਾਂ ਕਦੋਂ ਦੀ…ਉਹਨੇ ਆਖਰੀ ਸਮੇਂ ਜਿਵੇਂ ਮੈਨੂੰ ਧਰਵਾਸ ਦਿੱਤਾ ਤੇ ਫਿਰ ਥੋੜਾ ਮੁਸਕਰਾ ਕੇ ਬੋਲੀ, ਆ, ਅੱਜ ਸਾਰਿਆਂ ਸਾਹਮਣੇ ਮੈਨੂੰ ਆਪਣੇ ਸੀਨੇ ਨਾਲ ਲਾ ਲੈ…।
 ਅੱਗ ਦੇ ਤੇਜ ਸੇਕ ਦੇ ਬਾਵਜੂਦ ਮੇਰੇ ਪੈਰ ਅੱਗੇ ਵਧੇ ਤਾਂ ਕਿਸੇ ਨੇ ਮੈਨੂੰ ਪਿੱਛੇ ਖਿੱਚਦੇ ਹੋਏ ਕਿਹਾ, ਕਿੱਥੇ ਚੱਲੇ ਓਂ, ਅੱਗ ਦੀਆਂ ਲਪਟਾਂ ਝੁਲਸਾ ਦੇਣਗੀਆਂ
ਪਿੱਛੇ ਹਟ ਜਾਣ ਤੇ ਵੀ ਕ੍ਰਿਸ਼ਣਾ ਨੂੰ ਸਾੜ ਰਹੀ ਅੱਗ ਦਾ ਸੇਕ ਮੈਨੂੰ ਵੀ ਝੁਲਸਾ ਰਿਹਾ ਸੀ।
                                      -0-